Punjab news point : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੈਨੇਡਾ ਦੀ ਇੱਕ ਵੱਡੀ ਕੰਪਨੀ ਨੈਬੁਲਾ ਗਰੁੱਪ ਨੂੰ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਕੇ ਸੂਬੇ ਦੇ ਨਿਵੇਸ਼ ਨੂੰ ਵੱਡਾ ਹੁਲਾਰਾ ਦਿੱਤਾ। ਗਰੁੱਪ ਦੇ ਪ੍ਰਧਾਨ ਅਤੇ ਚੇਅਰਮੈਨ ਰਮਨ ਖਟੜਾ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਕੰਪਨੀ ਨੇ ਫੂਡ ਪ੍ਰੋਸੈਸਿੰਗ ਪਲਾਂਟ ਸਥਾਪਤ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ ਜਿੱਥੇ ਟਮਾਟਰ, ਨਿੰਬੂ ਜਾਤੀ ਦੇ ਫਲਾਂ, ਜੂਸ, ਆਲੂ ਨੂੰ 10,000 ਹੈਕਟੇਅਰ ਦੇ ਆਲੇ-ਦੁਆਲੇ ਦੇ ਖੇਤਰ ਤੋਂ ਇਕੱਠਾ ਕੀਤਾ ਜਾਵੇਗਾ ਜਿਸ ਨਾਲ ਓਜ਼ੋਨ ਦੀ ਵਰਤੋਂ ਨਾਲ ਜੰਮੇ ਹੋਏ ਅਤੇ ਤਾਜ਼ੇ ਭੋਜਨ ਉਤਪਾਦਾਂ ਦੀ ਉਮਰ ਵਧੇਗੀ। ਉਨ੍ਹਾਂ ਕਿਹਾ ਕਿ ਕੰਪਨੀ ਓਜ਼ੋਨ ਤਕਨੀਕ ਦੀ ਮਦਦ ਨਾਲ ਖਰਾਬ ਹੋਣ ਵਾਲੀਆਂ ਅਤੇ ਤਾਜ਼ੀਆਂ ਵਸਤਾਂ ਦੀ ਸ਼ੈਲਫ ਲਾਈਫ ਵਧਾ ਕੇ ਉਨ੍ਹਾਂ ਨੂੰ ਬਰਾਮਦ ਕਰੇਗੀ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਵੱਡੇ ਪੱਧਰ ‘ਤੇ ਲਾਭ ਪਹੁੰਚਾਉਣ ਲਈ ਮਾਰਕਫੈੱਡ ਅਤੇ ਪੰਜਾਬ ਐਗਰੋ ਨਾਲ ਸਾਂਝ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਕੰਪਨੀ ਵੱਲੋਂ ਦੋਰਾਹਾ ਨੇੜੇ ਪਲਾਂਟ ਲਗਾਇਆ ਜਾਵੇਗਾ ਜਿਸ ਨਾਲ ਨੌਜਵਾਨਾਂ ਨੂੰ ਨੌਕਰੀਆਂ ਵੀ ਮਿਲਣਗੀਆਂ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕੰਪਨੀ ਲੁਧਿਆਣਾ ਦੇ ਬੁੱਢੇ ਨਾਲੇ ਨੂੰ ਨਵੀਨਤਮ ਤਕਨੀਕ ਨਾਲ ਸਾਫ਼ ਕਰਨ ਲਈ ਆਪਣੀ ਮੁਹਾਰਤ ਦੀ ਵਰਤੋਂ ਕਰੇਗੀ। ਉਨ੍ਹਾਂ ਕਿਹਾ ਕਿ ਕੰਪਨੀ ਭਾਰਤੀ ਮੂਲ ਦੇ ਭੰਡਾਰਾਂ ‘ਤੇ ਕੈਂਸਰ ਪੈਦਾ ਕਰਨ ਵਾਲੀਆਂ ਅਸ਼ੁੱਧੀਆਂ ਨੂੰ ਦੂਰ ਕਰੇਗੀ ਅਤੇ ਇਸ ਤੋਂ ਇਲਾਵਾ ਨੈਨੋ ਪੱਧਰ ‘ਤੇ ਨੈਬੁਲਾ ਓਜ਼ੋਨੇਸ਼ਨ ਦੀ ਮਦਦ ਨਾਲ ਕੈਂਸਰ ਪੈਦਾ ਕਰਨ ਵਾਲੇ ਸਾਰੇ ਤੱਤਾਂ ਨੂੰ ਸਫਲਤਾਪੂਰਵਕ ਦੂਰ ਕਰਨ ਦਾ ਵੀ ਪ੍ਰਸਤਾਵ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਾਣੀ ਦੇ ਟੀ.ਡੀ.ਐਸ. ਦੇ ਪੱਧਰ ਨੂੰ 100 ਤੋਂ ਘੱਟ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜੋ ਇਹ ਪਾਣੀ ਪੀਣ ਦੇ ਯੋਗ ਹੋ ਸਕੇ।

