ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿੱਚ ਲਗਾਤਾਰ ਵਾਧਾ ਅਤੇ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਗਰਮੀ ਦੀ ਲਹਿਰ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ, ਉੱਥੇ ਹੀ ਅਤਿ ਦੀ ਗਰਮੀ ਦਾ ਇਹ ਮੌਸਮ ਡੇਅਰੀ ਪਸ਼ੂਆਂ ਲਈ ਵੀ ਬਹੁਤ ਖ਼ਤਰਨਾਕ ਸਾਬਤ ਹੋ ਰਿਹਾ ਹੈ। ਲਗਾਤਾਰ ਵਧਦੀ ਗਰਮੀ ਪਸ਼ੂਆਂ ਨੂੰ ਇਸ ਹੱਦ ਤੱਕ ਪ੍ਰਭਾਵਿਤ ਕਰ ਰਹੀ ਹੈ ਕਿ ਡੇਅਰੀ ਪਸ਼ੂਆਂ ਦਾ ਦੁੱਧ ਉਤਪਾਦਨ ਵੀ ਘੱਟ ਗਿਆ ਹੈ। ਇੰਨਾ ਹੀ ਨਹੀਂ, ਪਸ਼ੂਆਂ ਦੇ ਡਾਕਟਰਾਂ ਨੇ ਪਸ਼ੂ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਗਰਮੀਆਂ ਦੇ ਦਿਨਾਂ ਵਿੱਚ ਜਾਨਵਰਾਂ ਦੀ ਦੇਖਭਾਲ ਵਿੱਚ ਲਾਪਰਵਾਹੀ ਦਿਖਾਈ ਗਈ ਤਾਂ ਪਸ਼ੂਆਂ ਦੀ ਸਿਹਤ ਬਹੁਤ ਵਿਗੜ ਸਕਦੀ ਹੈ ਅਤੇ ਨਤੀਜੇ ਵਜੋਂ ਜਾਨਵਰਾਂ ਦੀ ਮੌਤ ਵੀ ਹੋ ਸਕਦੀ ਹੈ।
ਪਸ਼ੂ ਪਾਲਣ ਵਿਭਾਗ, ਗੁਰਦਾਸਪੁਰ ਦੇ ਸੀਨੀਅਰ ਵੈਟਰਨਰੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਕਿਹਾ ਕਿ ਗਰਮੀ ਦਾ ਇਸ ਧਰਤੀ ‘ਤੇ ਮੌਜੂਦ ਹਰ ਕਿਸਮ ਦੇ ਜਾਨਵਰ ਜਾਂ ਪੌਦੇ ‘ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। ਪਰ ਇਹ ਮੌਸਮ ਡੇਅਰੀ ਜਾਨਵਰਾਂ ਲਈ ਹੋਰ ਵੀ ਨੁਕਸਾਨਦੇਹ ਸਾਬਤ ਹੁੰਦਾ ਹੈ। ਇਸ ਲਈ, ਡੇਅਰੀ ਜਾਨਵਰਾਂ ਨੂੰ ਗਰਮੀ ਤੋਂ ਬਚਾਉਣ ਲਈ ਸਮੇਂ ਸਿਰ ਢੁਕਵੇਂ ਕਦਮ ਚੁੱਕੇ ਜਾਣੇ ਚਾਹੀਦੇ ਹਨ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ, ਤਾਂ ਜਾਨਵਰ ਦੁੱਧ ਉਤਪਾਦਨ ਘਟਾ ਦਿੰਦੇ ਹਨ ਅਤੇ ਜਾਨਵਰਾਂ ਦੀ ਮਾੜੀ ਸਿਹਤ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਹੁਣ ਜੂਨ ਮਹੀਨੇ ਵਿੱਚ ਤਾਪਮਾਨ 40 ਤੋਂ 45 ਡਿਗਰੀ ਤੱਕ ਪਹੁੰਚਣ ਕਾਰਨ ਪਸ਼ੂਆਂ ਵਿੱਚ ਗਰਮੀ ਦਾ ਦਬਾਅ ਵਧੇਗਾ, ਜਿਸ ਨਾਲ ਕੁਦਰਤੀ ਤੌਰ ‘ਤੇ ਪਸ਼ੂਆਂ ਦੀ ਸਿਹਤ ਅਤੇ ਦੁੱਧ ਉਤਪਾਦਨ ‘ਤੇ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦੁੱਧ ਉਤਪਾਦਕ ਜਾਨਵਰ ਮੁੱਖ ਤੌਰ ‘ਤੇ ਮੱਝਾਂ, ਗਾਵਾਂ ਅਤੇ ਬੱਕਰੀਆਂ ਹਨ, ਜਿਨ੍ਹਾਂ ਵਿੱਚੋਂ ਪਸ਼ੂ ਪਾਲਕ ਹੁਣ ਸਥਾਨਕ ਨਸਲ ਦੀਆਂ ਗਾਵਾਂ ਦੀ ਬਜਾਏ ਵਿਦੇਸ਼ੀ ਗਾਵਾਂ ਪਾਲਣ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਥਾਨਕ ਗਾਵਾਂ ਗਰਮੀ ਨੂੰ ਬਰਦਾਸ਼ਤ ਕਰ ਸਕਦੀਆਂ ਹਨ, ਪਰ ਗਰਮੀ ਵਿਦੇਸ਼ੀ ਗਾਵਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਇਸੇ ਤਰ੍ਹਾਂ ਮੱਝਾਂ ਆਪਣੇ ਕਾਲੇ ਸਰੀਰ ਕਾਰਨ ਜ਼ਿਆਦਾ ਗਰਮੀ ਮਹਿਸੂਸ ਕਰਦੀਆਂ ਹਨ ਅਤੇ ਮੱਝਾਂ ਪਾਣੀ ਵਿੱਚ ਰਹਿਣਾ ਪਸੰਦ ਕਰਦੀਆਂ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦੇ ਸਰੀਰ ‘ਤੇ ਅਸਰ ਪੈਂਦਾ ਹੈ ਅਤੇ ਨਤੀਜੇ ਵਜੋਂ ਦੁੱਧ ਉਤਪਾਦਨ ਘੱਟ ਜਾਂਦਾ ਹੈ। ਇਸ ਲਈ ਪਸ਼ੂ ਪਾਲਕਾਂ ਨੂੰ ਗਰਮੀਆਂ ਦੇ ਦਿਨਾਂ ਵਿੱਚ ਪਸ਼ੂਆਂ ਦੀ ਵਧੇਰੇ ਦੇਖਭਾਲ ਕਰਨੀ ਚਾਹੀਦੀ ਹੈ।

