Punjab news point : ਜਲੰਧਰ ਅਤੇ ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿੱਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਕੈਦੀਆਂ ਦੀ ਤਲਾਸ਼ੀ ਦੌਰਾਨ ਵਰਜਿਤ ਵਸਤੂਆਂ ਮਿਲਣ ਤੋਂ ਬਾਅਦ ਕੁਝ ਕੈਦੀ ਇਕੱਠੇ ਹੋ ਗਏ ਅਤੇ ਵਾਰਡਨ ‘ਤੇ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਕੁਝ ਕੈਦੀਆਂ ਨੇ ਵਾਰਡਨ ਦੀ ਵਰਦੀ ਵੀ ਪਾੜ ਦਿੱਤੀ। ਇਸ ਸਬੰਧੀ ਸਹਾਇਕ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ‘ਤੇ ਕੋਤਵਾਲੀ ਥਾਣੇ ਵਿੱਚ 5 ਕੈਦੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਬਲਦੇਵ ਸਿੰਘ ਨੇ ਦੱਸਿਆ ਕਿ ਕੱਲ੍ਹ ਬੈਰਕਾਂ ਦੀ ਤਲਾਸ਼ੀ ਦੌਰਾਨ ਕੈਦੀ ਸਾਜਨ ਸਿੰਘ ਦਾ ਮੋਬਾਈਲ ਫੋਨ ਨਾਜਾਇਜ਼ ਬਰਾਮਦ ਹੋਇਆ। ਜਿਸ ਤੋਂ ਬਾਅਦ ਕੁਝ ਕੈਦੀ ਇਕੱਠੇ ਹੋ ਗਏ ਅਤੇ ਵਾਰਡਨ ਅੰਗਰੇਜ ਸਿੰਘ ਅਤੇ ਵਾਰਡਨ ਬਲਜੀਤ ਸਿੰਘ ਤੋਂ ਬਰਾਮਦ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਵਾਰਡਨ ਅੰਗਰੇਜ ਸਿੰਘ ਦੀ ਵਰਦੀ ਵੀ ਪਾੜ ਦਿੱਤੀ।
