Punjab news point : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ MP ਹਰਸਿਮਰਤ ਕੌਰ ਬਾਦਲ ਨੇ ’’ਦਾ ਪ੍ਰੀਵੈਨਸ਼ਨ ਆਫ ਡਰੱਗ ਐਬਿਊਜ਼ ਅਮੰਗ ਚਿਲਡਰਨ ਥਰੂਹ ਸਕੂਲ ਅਵੇਅਰਨੈਸ ਐਂਡ ਐਜੂਕੇਸ਼ਨ ਬਿੱਲ 2024’’ ਪੇਸ਼ ਕੀਤਾ ਜਿਸਦਾ ਮਕਸਦ ਬੱਚਿਆਂ ‘ਚ ਨਸ਼ਿਆਂ ਦੀ ਵਰਤੋਂ ਨੂੰ ਰੋਕਣਾ ਹੈ ਤੇ ਇਸ ਤਹਿਤ ਸਕੂਲਾਂ ਵਿਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣ, ਨਸ਼ਿਆਂ ਦੀ ਦੁਰਵਰਤੋਂ ਦੇ ਜ਼ੋਖ਼ਮਾਂ ਬਾਰੇ ਸ਼ੁਰੂਆਤੀ ਸਿੱਖਿਆ ਦਿੱਤੇ ਜਾਣ ਤੇ ਭਵਿੱਖੀ ਪੀੜੀਆਂ ਦੀ ਸਿਹਤ ਤੇ ਭਲਾਈ ਵਾਸਤੇ ਨਸ਼ਾ ਮੁਕਤ ਵਾਤਾਵਰਣ ਨੂੰ ਉਤਸ਼ਾਹਿਤ ਕੀਤੇ ਜਾਣ ’ਤੇ ਜ਼ੋਰ ਦਿੱਤਾ ਗਿਆ ਹੈ। ਪ੍ਰਾਈਵੇਟ ਮੈਂਬਰ ਬਿੱਲ ਸੰਸਦ ਵਿਚ ਪੇਸ਼ ਕਰਨ ਦਾ ਮਕਸਦ ਬੱਚਿਆਂ ਅਤੇ ਅੱਲ੍ਹੜ ਨੌਜਵਾਨਾਂ ਵਿਚ ਨਸ਼ਿਆਂ ਦੀ ਦੁਰਵਰਤੋਂ ਦੀ ਨਿਰੰਤਰ ਵੱਧ ਰਹੀ ਸਮੱਸਿਆ ਨੂੰ ਖ਼ਤਮ ਕਰਨਾ ਹੈ।
ਬਿੱਲ ਪੇਸ਼ ਕਰਦਿਆਂ MP ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਿੱਲ ਦਾ ਮਕਸਦ ਸਕੂਲਾਂ ਵਿਚ ਨਸ਼ਿਆਂ ਤੋਂ ਬਚਾਅ ਲਈ ਸਿੱਖਿਆ ਪ੍ਰਦਾਨ ਕਰਨਾ, ਸ਼ੁਰੂਆਤੀ ਉਮਰ ਵਿਚ ਜਾਗਰੂਕਤਾ ਬਣਾਉਣਾ, ਬੱਚਿਆਂ ਨੂੰ ਨਸ਼ਿਆਂ ਦੀ ਦੁਰਵਰਤੋਂ ਦੇ ਜ਼ੋਖ਼ਮਾਂ ਤੋਂ ਜਾਣੂ ਕਰਵਾਉਣਾ, ਦੁਰਵਰਤੋਂ ਰੋਕਣਾ ਤੇ ਉਹਨਾਂ ਨੂੰ ਚੰਗੀ ਚੋਣ ਦੇ ਲਾਇਕ ਬਣਾਉਣਾ ਹੈ। ਬਿੱਲ ਵਿਚ ਕਿਹਾ ਗਿਆ ਕਿ ਇਸ ਦਾ ਮਕਸਦ ਨਸ਼ਿਆਂ ਦੀ ਰੋਕਥਾਮ ਲਈ ਜਾਗਰੂਕਤਾ ਸਿੱਖਿਆ ਨੂੰ ਸਾਰੀਆਂ ਸਿੱਖਿਆ ਸੰਸਥਾਵਾਂ ਵਿਚ ਪੜ੍ਹਾਈ ਦੇ ਵਿਸ਼ੇ ਵਜੋਂ ਸ਼ਾਮਲ ਕਰਵਾਉਣਾ ਹੈ। ਉਹਨਾਂ ਕਿਹਾ ਕਿ ਬਿੱਲ ਦਾ ਮਕਸਦ ਨਸ਼ਿਆਂ ਦੀ ਦੁਰਵਰਤੋਂ ਦੇ ਬੱਚਿਆਂ ਦੀ ਸਿਹਤ ’ਤੇ ਅਸਰ, ਕਾਨੂੰਨੀ ਪਹਿਲੂਆਂ ਤੇ ਸਮਾਜਿਕ ਨਤੀਜਿਆਂ ਬਾਰੇ ਬੱਚਿਆਂ ਨੂੰ ਜਾਗਰੂਕਤ ਕਰਨਾ ਅਤੇ ਅਧਿਆਪਕਾਂ ਤੇ ਮਾਪਿਆਂ ਨੂੰ ਨਸ਼ਿਆਂ ਦੀ ਦੁਰਵਰਤੋਂ ਦੇ ਚਿੰਨ੍ਹਾਂ ਦੀ ਪਛਾਣ ਬਾਰੇ ਲੋੜੀਂਦਾ ਮਾਰਗ ਦਰਸ਼ਨ ਦੇਣ ਦੀ ਵਿਵਸਥਾ ਕਰਨਾ ਹੈ।