
Punjab news point : ਸਾਈਬਰ ਧੋਖਾਧੜੀ ਦੇ ਵਧਦੇ ਮਾਮਲਿਆਂ ਅਤੇ ਇੱਕੋ ਆਈਡੀ ‘ਤੇ ਸੈਂਕੜੇ ਸਿਮ ਕਾਰਡਾਂ ਦੇ ਐਕਟੀਵੇਟ ਹੋਣ ਦੀਆਂ ਰਿਪੋਰਟਾਂ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਸਿਮ ਦੀ ਵਿਕਰੀ ਲਈ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਸਰਕਾਰ ਨੇ ਬਲਕ ਸਿਮ ਜਾਰੀ ਕਰਨ ਦੀ ਵਿਵਸਥਾ ਨੂੰ ਖਤਮ ਕਰ ਦਿੱਤਾ ਹੈ। ਹੁਣ ਜਿਹੜੇ ਡੀਲਰ ਸਿਮ ਕਾਰਡ ਵੇਚਦੇ ਹਨ, ਉਨ੍ਹਾਂ ਦੀ ਵੈਰੀਫਿਕੇਸ਼ਨ ਵੀ ਟੈਲੀਕਾਮ ਕੰਪਨੀਆਂ ਨੂੰ ਕਰਨੀ ਪਵੇਗੀ। ਟੈਲੀਕਾਮ ਕੰਪਨੀਆਂ ਕਿਸੇ ਵੀ ਦੁਕਾਨ ਨੂੰ ਬਿਨਾਂ ਕੇਵਾਈਸੀ ਦੇ ਆਪਣਾ ਸਿਮ ਕਾਰਡ ਵੇਚਣ ਦੀ ਇਜਾਜ਼ਤ ਨਹੀਂ ਦੇਣਗੀਆਂ। ਜੇਕਰ ਕੰਪਨੀ ਬਿਨਾਂ ਕੇਵਾਈਸੀ ਦੇ ਸਿਮ ਵੇਚਣ ਦੀ ਇਜਾਜ਼ਤ ਦਿੰਦੀ ਹੈ ਤਾਂ ਉਸ ‘ਤੇ ਪ੍ਰਤੀ ਦੁਕਾਨ 10 ਲੱਖ ਰੁਪਏ ਦਾ ਜੁਰਮਾਨਾ ਲੱਗੇਗਾ।
ਦੂਰਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਦਾ ਕਹਿਣਾ ਹੈ ਕਿ ਸਰਕਾਰ ਧੋਖਾਧੜੀ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ। ਸਰਕਾਰ ਨੇ 66,000 ਫਰਜ਼ੀ ਵਟਸਐਪ ਖਾਤਿਆਂ ਨੂੰ ਬਲਾਕ ਕਰ ਦਿੱਤਾ ਹੈ। 67,000 ਸਿਮ ਕਾਰਡ ਡੀਲਰਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ। ਇੰਨਾ ਹੀ ਨਹੀਂ ਹੁਣ ਤੱਕ 52 ਲੱਖ ਮੋਬਾਈਲ ਸਿਮ ਵੀ ਬੰਦ ਹੋ ਚੁੱਕੇ ਹਨ। ਅਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ ਹੁਣ ਤੱਕ ਧੋਖੇਬਾਜ਼ਾਂ ਦੁਆਰਾ ਵਰਤੇ ਗਏ ਲਗਭਗ 8 ਲੱਖ ਬੈਂਕ ਵਾਲੇਟ ਖਾਤੇ ਫ੍ਰੀਜ਼ ਕੀਤੇ ਜਾ ਚੁੱਕੇ ਹਨ।

