Punjab news point : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਵੀਡੀਓ ਨੂੰ ਲੈ ਕੇ ਪਹਿਲਾਂ ਹੀ ਜਿਥੇ ਸ਼੍ਰੋਮਣੀ ਅਕਾਲੀ ਦਲ ਸਮੇਤ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਘੇਰ ਰਹੀਆਂ ਹਨ, ਉਥੇ ਹੀ ਹੁਣ ਕੌਮੀ ਮਹਿਲਾ ਕਮਿਸ਼ਨ ਨੇ ਵੀ ਇਸ ਵੀਡੀਓ ਦਾ ਸਖਤ ਨੋਟਿਸ ਲਿਆ ਹੈ।
ਕੌਮੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਨੂੰ ਨੋਟਿਸ ਜਾਰੀ ਕੀਤਾ
ਕੌਮੀ ਮਹਿਲਾ ਕਮਿਸ਼ਨ ਨੇ ਨੋਟਿਸ ਵਿੱਚ ਭਾਜਪਾ ਆਗੂ ਤੇਜਿੰਦਰ ਸਿੰਘ ਬੱਗਾ ਦੀ ਪੋਸਟ ਦਾ ਹਵਾਲਾ ਦਿੱਤਾ ਹੈ। ਕੌਮੀ ਮਹਿਲਾ ਕਮਿਸ਼ਨ ਨੇ ਲਿਖਿਆ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ (Balkar Singh video) ਖਿਲਾਫ਼ ਟਵਿੱਟਰ ਪੋਸਟ ‘ਤੇ ਗੰਭੀਰ ਆਰੋਪਾਂ ਕਾਰਨ ਉਹ ਬਹੁਤ ਹੀ ਪਰੇਸ਼ਾਨ ਹੈ।
ਕਮਿਸ਼ਨ ਨੇ ਅੱਗੇ ਕਿਹਾ ਮੰਤਰੀ ਖਿਲਾਫ਼ ਰਿਪੋਰਟ ਕੀਤੀਆਂ ਇਹ ਕਾਰਵਾਈਆਂ ਜੇਕਰ ਪ੍ਰਮਾਣਿਤ ਹਨ ਤਾਂ ਆਈਪੀਸੀ ਦੀਆਂ ਧਾਰਾਵਾਂ 354 ਅਤੇ 354ਬੀ ਦੇ ਤਹਿਤ ਸਿੱਧੇ ਤੌਰ ‘ਤੇ ਔਰਤ ਦੀ ਇੱਜ਼ਤ ਦਾ ਘਾਣ ਕਰਨ ਵਾਲੀਆਂ ਗੰਭੀਰ ਉਲੰਘਣਾਵਾਂ ਹਨ।

ਕੌਮੀ ਮਹਿਲਾ ਕਮਿਸ਼ਨ ਨੇ ਚੇਅਰਪਰਸਨ ਰੇਖਾ ਸ਼ਰਮਾ ਨੇ ਇਸ ਕਥਿਤ ਵੀਡੀਓ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ ਅਤੇ ਤੁਰੰਤ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਲਈ ਡੀਜੀਪੀ ਪੰਜਾਬ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਦਖਲ ਦੀ ਮੰਗ ਕੀਤੀ ਹੈ। ਮਹਿਲਾ ਕਮਿਸ਼ਨ ਨੇ ਡੀਜੀ ਨੂੰ ਮਾਮਲੇ ਵਿੱਚ 3 ਦਿਨਾਂ ਵਿੱਚ ਰਿਪੋਰਟਪੇਸ਼ ਕਰਨ ਲਈ ਕਿਹਾ ਹੈ।
ਭਾਜਪਾ ਆਗੂ ਤੇਜਿੰਦਰ ਬੱਗਾ ਦੀ ਕੀ ਹੈ ਪੋਸਟ
ਭਾਜਪਾ ਆਗੂ ਤੇਜਿੰਦਰ ਸਿੰਘ ਬੱਗਾ ਨੇ ਟਵਿੱਟਰ ਐਕਸ ‘ਤੇ ਇੱਕ ਪੋਸਟ ਸਾਂਝੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਲਿਖਿਆ ਸੀ, ”ਇੱਕ 21 ਸਾਲ ਦੀ ਭੈਣ ਆਮ ਆਦਮੀ ਪਾਰਟੀ ਪੰਜਾਬ ਦੇ ਮੰਤਰੀ ਬਲਕਾਰ ਸਿੰਘ ਕੋਲ ਆਉਂਦੀ ਹੈ ਅਤੇ ਕਹਿੰਦੀ ਹੈ ਕਿ ਉਸਨੂੰ ਨੌਕਰੀ ਦੀ ਬਹੁਤ ਲੋੜ ਹੈ। ਬਲਕਾਰ ਉਸ ਨੂੰ ਵੀਡੀਓ ਕਾਲ ਕਰਨ ਲਈ ਕਹਿੰਦਾ ਹੈ, ਉਸ ਨੂੰ ਆਪਣੇ ਕੱਪੜੇ ਉਤਾਰਨ ਲਈ ਮਜਬੂਰ ਕਰਦਾ ਹੈ ਅਤੇ ਫਿਰ ….ਕਰਦਾ ਹੈ।”
ਭਾਜਪਾ ਆਗੂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਬਲਕਾਰ ਸਿੰਘ ਨੂੰ ਤੁਰੰਤ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਵੀ ਕੀਤੀ ਹੈ।

